ਬਲਬੀਰ ਮਾਧੋਪੁਰੀ ਦੀ ਚੋਣਵੀਂ ਕਵਿਤਾ ਵਿਚ ਦਲਿਤ ਚੇਤਨਾ

ਲਖਵੀਰ ਸਿੰਘ,
ਰਿਸਰਚ ਸਕਾਲਰ,
ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ, ਦਿੱਲੀ

ਭਾਰਤੀ ਉਪ-ਮਹਾਂਦੀਪ ਦੀ ਆਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਸਦੀਆਂ ਤੋਂ ਸਨਾਤਨ ਹਿੰਦੂ ਧਰਮ ਦੇ ਮਾਡਲ ਅਧੀਨ ਹਾਸ਼ੀਆਗਤ ਦਾ ਜੀਵਨ ਜੀਅ ਰਿਹਾ ਹੈ। ਨਤੀਜਨ,ਇਹ ਹਿੱਸਾ ਸਦੀਆਂ ਤੋਂ ‘ਅਣਹੋਇਆਂ’ ਵਾਂਗ ਇਸ ਧਰਤੀ ਅਤੇ ਇਸ ਧਰਤੀ ਦੇ ਅਖੌਤੀ ਉੱਚ ਵਰਣ ਦੇ ਹਿੰਦੂਆਂ ਦੀ ਸੇਵਾ ਵਿਚ ਸਮਰਪਿਤ ਰਿਹਾ ਹੈਅਤੇ ਹੁਣ ਵੀ ਹੈ। ਇਸ ਖਿੱਤੇ ਦੇ ਸਭ ਤੋਂ ਪ੍ਰਾਚੀਨ ਗ੍ਰੰਥ ‘ਰਿਗ ਵੇਦ’ ਦੇ ਪੁਰਸ਼ ਸੂਕਤ ਵਿਚ ਮਨੁੱਖ ਦੀ ਉਤਪੱਤੀ ਨੂੰ ਚਾਰ ਹਿੱਸਿਆਂ (ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ) ਵਿਚ ਵੰਡ ਕੇ ਪ੍ਰਸਤੁਤ ਕੀਤਾ ਗਿਆ। ਇਸ ਅਨੁਸਾਰ ਬ੍ਰਾਹਮਣਾਂ ਦਾ ਜਨਮ ਬ੍ਰਹਮਾ ਦੇ ਮੂੰਹ ਵਿੱਚੋਂ, ਕਸ਼ੱਤਰੀਆਂ ਦਾ ਜਨਮ ਬ੍ਰਹਮਾ ਦੇ ਬਾਹਾਂ ਵਿੱਚੋਂ, ਵੈਸ਼ਾਂ ਦਾ ਜਨਮ ਬ੍ਰਹਮਾ ਦੇ ਪੱਟਾਂ ਵਿੱਚੋਂ ਅਤੇ ਸ਼ੂਦਰਾਂ ਦਾ ਜਨਮ ਬ੍ਰਹਮਾ ਦਿਆਂ ਪੈਰਾਂ ਵਿੱਚੋਂ ਹੋਇਆ। ‘ਰਿਗ ਵੇਦ’ ਦੀ ਇਸ ਧਾਰਣਾ ਦੀ ਪ੍ਰੋੜਤਾ ਕਰਨ ਵਾਲਾ ਧਰਮ ਸ਼ਾਸਤਰ ‘ਮਨੂ ਸਿਮ੍ਰਿਤੀ’ ਵੀ ਦਲਿਤ ਸਮਾਜ ਦਾ ਸ਼ੋਸਣ ਕਰਨ ਵਾਲੀਆਂ ਧਾਰਣਾਵਾਂ ਦਾ ਹੀ ਸਮਰਥਣ ਕਰਦਾ ਦੇਖਿਆ ਜਾ ਸਕਦਾ ਹੈ। ‘ਮਨੂ ਸਿਮ੍ਰਿਤੀ’ ਅਨੁਸਾਰ:

ਬ੍ਰਹਮਾ ਨੇ ਸ਼ੂਦਰਾਂ ਲਈ ਬਿਨਾਂ ਕਿਸੇ ਦੀ ਨਿੰਦਾ ਚੁਗਲੀ ਦੇ, ਤਿੰਨਾਂ ਵਰਣਾਂ ਦੇ ਲੋਕਾਂ ਦੀ ਸੇਵਾ ਕਰਨਾ, ਇਹੋ ਕਰਮ ਨਿਸ਼ਚਤ ਕੀਤਾ।-91

(ਮਨੂ ਸਮ੍ਰਿਤੀ, ਮੋਹਨ ਲਾਲ ਸ਼ਰਮਾ(ਅਨੁ.), ਭਾਸ਼ਾ ਵਿਭਾਗ ਪੰਜਾਬ, ਪੰਨਾ-8)

ਜੋ ਰਾਜ ਸ਼ੂਦਰਾਂ ਤੇ ਨਾਸਤਿਕਾਂ ਨਾਲ ਭਰਿਆ ਹੁੰਦਾ ਹੈ ਅਤੇ ਬ੍ਰਾਹਮਣਾਂ ਤੋਂ ਖਾਲੀ ਹੁੰਦਾ ਹੈ ਉਸ ਰਾਜ ਨੂੰ ਅਕਾਲ ਅਤੇ ਬਿਮਾਰੀਆਂ ਜਲਦੀ ਹੀ ਨਸ਼ਟ ਕਰ ਦਿੰਦੀਆਂ ਹਨ।-22

(ਮਨੂ ਸਮ੍ਰਿਤੀ, ਮੋਹਨ ਲਾਲ ਸ਼ਰਮਾ(ਅਨੁ.), ਭਾਸ਼ਾ ਵਿਭਾਗ ਪੰਜਾਬ, ਪੰਨਾ-148)

ਬ੍ਰਾਹਮਣ ਨੂੰ ਕਠੋਰ ਬਚਨ ਕਹਿਣ ਵਾਲੇ ਸ਼ੂਦਰ ਦੀ ਜੀਭ ਕੱਟ ਦੇਣੀ ਚਾਹੀਦੀ ਹੈ। ਕਿਉਂਕਿ ਉਹ ਨੀਚ ਹੈ, ਪੈਰਾਂ ਤੋਂ ਉਤਪਨ ਹੈ।-270 ਇਨ੍ਹਾਂ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਵਰਣਾਂ ਦਾ ਨਾਂ ਲੈ ਕੇ ਗਾਲ ਕੱਢਣ ਵਾਲੇ ਜਾਂ ਕੌੜੇ ਬੋਲ ਬੋਲਣ ਵਾਲੇ ਸ਼ੂਦਰ ਦੇ ਮੂੰਹ ਵਿਚ ਅੱਗ ਵਿਚ ਤਪੀ ਦਸ ਉਂਗਲ ਲੰਬੀ ਲੋਹੇ ਦੀ ਕੀਲ ਪਾ ਦੇਣੀ ਚਾਹੀਦੀ ਹੈ।-271

(ਮਨੂ ਸਮ੍ਰਿਤੀ, ਮੋਹਨ ਲਾਲ ਸ਼ਰਮਾ(ਅਨੁ.), ਭਾਸ਼ਾ ਵਿਭਾਗ ਪੰਜਾਬ, ਪੰਨਾ-174)

ਧਨ ਇਕੱਠਾ ਕਰਨ ਦੇ ਯੋਗ ਹੋਣ ਤੇ ਵੀ ਸ਼ੂਦਰ ਨੂੰ ਧਨ-ਸੰਗ੍ਰਹਿ ਨਹੀਂ ਕਰਨਾ ਚਾਹੀਦਾ ਕਿਉਂਕਿ ਧਨ ਪ੍ਰਾਪਤ ਕਰਕੇ ਉਹ ਸ਼ਾਸਤਰ ਮਰਯਾਦਾ ਦੇ ਵਿਰੁਧ ਆਚਰਣ ਕਰਦਾ ਹੈ ਅਤੇ ਬ੍ਰਾਹਮਣਾਂ ਨੂੰ ਦੁਖੀ ਕਰਦਾ ਹੈ।-129

(ਮਨੂ ਸਮ੍ਰਿਤੀ, ਮੋਹਨ ਲਾਲ ਸ਼ਰਮਾ(ਅਨੁ.), ਭਾਸ਼ਾ ਵਿਭਾਗ ਪੰਜਾਬ, ਪੰਨਾ-239)

‘ਮਨੂ ਸਮ੍ਰਿਤੀ’ ਵਿਚ ਸ਼ੂਦਰ ਮਰਦ ਅਤੇ ਨਾਰੀ ਲਈ ਸਵਰਣ ਜਾਤੀਆਂ ਨਾਲੋਂ ਵੱਖਰੇ ਜੀਵਨ-ਮੁੱਲਾਂ ਨੂੰ ਪ੍ਰਮੁੱਖਤਾ ਨਾਲ ਉਲੀਕਿਆ ਗਿਆ ਹੈ। ਮਨੁੱਖੀ ਅਧਿਕਾਰਾਂ ਦਾ ਮਜ਼ਾਕ ਉਡਾਉਂਦੇ ਉਪਰੋਕਤ ਜੀਵਨ ਮੁੱਲ ਜਿਸ ਕਿਸੇ ਵੀ ਵਰਗ ਉੱਪਰ ਲਾਗੂ ਕੀਤੇ ਜਾਣ, ਉਸ ਵਰਗ ਦੀ ਸਮਾਜਕ, ਆਰਥਿਕ, ਰਾਜਨੀਤਿਕ ਅਤੇ ਸਭਿਆਚਾਰਕ ਹੋਂਦ ਨੂੰ ਮਲੀਆਮੇਟ ਕਰਨ ਲਈ ਕਾਫੀ ਹਨ। ਇਸ ਅਤਾਰਕਿਕ ਵੰਡ ਦੇ ਆਧਾਰ ਉੱਪਰ ਹੀ ਸਦੀਆਂ ਤੋਂ ਸ਼ੂਦਰਾਂ (ਦਲਿਤਾਂ) ਦਾ ਸਮਾਜ ਵਿਚ ਸਥਾਨ ਬਹੁਤ ਨੀਵਾਂ ਰਿਹਾ ਹੈ।ਇੰਨਾਹੀ ਨਹੀਂ, ਇਨ੍ਹਾਂ ਚਾਰ ਵਰਣਾਂ ਤੋਂ ਬਾਹਰ ਰੱਖ ਕੇ ਵੀ ਆਬਾਦੀ ਦੇ ਇੱਕ ਹਿੱਸੇ ਦੇ ਉੱਪਰਧੁਰੋਂ ਅਸ਼ੁੱਧ ਹੋਣ ਦਾ ਠੱਪਾ ਲਗਾਇਆ ਗਿਆ, ਆਬਾਦੀ ਦੇ ਇਸ ਹਿੱਸੇ ਦੀ ਹਾਲਤ ਸ਼ੂਦਰਾਂ ਤੋਂ ਵੀ ਜਿਆਦਾ ਜਿੱਲਤ ਭਰੀ ਸੀ, ਸੰਸਕ੍ਰਿਤ ਵਿਚ ਇਸ ਵਰਗ ਲਈ ‘ਚੰਡਾਲ’ ਸ਼ਬਦ ਪ੍ਰਚਲਿਤ ਹੈ, ਇਸ ਲਈ ਸਮਕਾਲ ਵਿਚ ਅਛੂਤ (Untouchable)ਸ਼ਬਦ ਵਰਤਿਆ ਜਾਂਦਾ ਹੈ, ਅਛੂਤਾਂ ਨੂੰ ਅਕਸਰ ‘ਅਤਿ-ਸ਼ੂਦਰ’ ਵੀ ਕਿਹਾ ਜਾਂਦਾ ਹੈ:

Verna is formulaic and orderly, dividing society into four groups arranged in ahierarchy- the brahman (priest), Kshatriya (warrior aristocrat), vaishya(cultivator and trader) and shudra(who labours for the others), the fifth being the untouchable and therefore beyond the pale.1

The varna system divided Hindus into four or five mutually exclusive categories with Brahmins at the top, followed in order of rank by Kashtriyas, Vaishyas and Shudras. Beneath the four vernas were the achhoots (untouchables), occupying a position at the very bottom of the social order.2

In the Sanskrit literature, Untouchables are known as chandala(Sanskrit: çandaala), ……Chandalas must reside outside the village limits, they may not own whole vessels, they must dress in clothes taken from dead and must eat from broken dishes. They are forbidden contact with other people and must marry among themselves. They eat only table scraps and leftovers, and are not allowed to walk through the village except when on business. They should be easily distinguishable from other people and not conceal their low origins.3

ਅਖੌਤੀ ਉੱਚ ਵਰਣ ਦੁਆਰਾ ਵਰਣ ਵਿਵਸਥਾ ਦੇ ਵਿਛਾਏ ਜਾਲ ਵਿਚ ਫਸੇ ਸ਼ੂਦਰਾਂਅਤੇ ਅਤਿ-ਸ਼ੂਦਰਾਂ ਨੂੰ, ਸਦੀਆਂ ਤੋਂ ਭਾਰਤੀ ਸਮਾਜ ਦੀਆਂ ਗੰਦੀਆਂ ਬਸਤੀਆਂ ਅਤੇ ਪਿੰਡਾਂ ਦੇ ਵਿਹੜਿਆਂ ਵਿਚ ਅਤਿ ਨੀਵੇਂ ਪੱਧਰ ਦਾ ਜੀਵਨ ਜਿਉਂਦਿਆਂ ਅੱਜ ਵੀ ਦੇਖਿਆ ਜਾ ਸਕਦਾ ਹੈ, ਸਮੁੱਚੇ ਰੂਪ ਵਿਚ ਇਨ੍ਹਾਂ ਸ਼ੋਸਿਤਾਂ ਨੂੰ ‘ਦਲਿਤ’ ਨਾਂਵ (Noun) ਨਾਲ ਜਾਣਿਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਇਤਿਹਾਸ ਦੀ ਧਰਾਤਲ ਉੱਪਰ ਵਰਣ ਵਿਵਸਥਾ ਦੀ ਇਸ ਕਰੂਪਤਾ ਦਾ ਵਿਰੋਧ ਨਾ ਹੋਇਆ ਹੋਵੇ, ਮਹਾਤਮਾ ਬੁੱਧ, ਭਗਤੀ ਅਤੇ ਸੰਤ ਲਹਿਰਦੇ ਰਚਨਾਕਾਰ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵਤੋਂ ਲੈ ਕੇ , ਜੋਤੀ ਰਾਓ ਫੂਲੇ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੱਕ ਦੇ ਇਤਿਹਾਸ ਵਿਚ ਇਸ ਵਿਰੋਧ ਦੀ ਪੈੜ-ਚਾਲ ਦੇਖੀ ਜਾ ਸਕਦੀ ਹੈ।

With Kabir this anger takes on force, directed primarily against caste and priestly ritualism. It is these ideas that he most often refused: though he is severe on the book-reading Muslim qazis, what he most often denounced was the hierarchy of caste and the pride of brahmans.4

ਆਧੁਨਿਕ ਭਾਰਤ ਦੇ ਇਤਿਹਾਸ ਵਿਚ, ਆਧੁਨਿਕ ਗਿਆਨ ਦੀ ਕਸੌਟੀ ’ਤੇ ਅਤੇ ਅਨੁਭਵ ਦੀ ਰੌਸ਼ਨੀ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਸ ਅਣਮਨੁੱਖੀ ਢਾਂਚੇ ਉੱਪਰ ਇਸ ਤਰ੍ਹਾਂ ਹਮਲਾ ਬੋਲਿਆ ਕਿ ਇਸ ਢਾਂਚੇ ਦੀਆਂ ਜੜ੍ਹਾਂ ਪੁੱਟਣ ਦਾ ਇਕ ਤਰ੍ਹਾਂ ਨਾਲ ਨੀਂਹ ਪੱਥਰ ਧਰ ਦਿੱਤਾ, ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿਚ ਬਾਬਾ ਸਾਹਿਬ ਨੇ ਹਿੰਦੂ ਧਰਮ ਅਤੇ ਸਮਾਜ ਨੂੰ ਲੰਮੇ ਹੱਥੀਂ ਲਿਆ:

There is an utter lack among the Hindus of what the sociologists call “consciousness of kind”. There is no Hindu consciousness of kind. In every Hindu the consciousness that exists is the consciousness of his caste.5

ਇਹਨਾਂ ਮਹਾਂਪੁਰਸ਼ਾਂ ਦੇ ਵਿਵਹਾਰਿਕ ਅਤੇ ਵਿਚਾਰਧਾਰਕ ਪੱਧਰ ਉੱਪਰ ਕੀਤੇ ਗਏ ਯਤਨਾਂ ਸਦਕਾ ਦਲਿਤ ਚੇਤਨਾ ਅਤੇ ਚਿੰਤਨ ਦੇ ਬੀਜ ਇਸ ਧਰਤੀ ਉੱਪਰ ਮਉਲੇ। ਫਲਸਰੂਪ ਬਹੁਤੇ ਨਹੀਂ ਤਾਂ ਥੋੜ੍ਹੇ ਦਲਿਤਾਂ ਅੰਦਰ ਸਵੈ-ਪਹਿਚਾਣ, ਸਵੈ-ਮਾਣ ਅਤੇ ਇਤਿਹਾਸ ਦੇ ਪੰਨਿਆਂ ਉੱਪਰ ਆਪਣੀ ਭੂਮਿਕਾ ਅਤੇ ਸਥਾਨ ਬਾਰੇ ਸਵਾਲ ਖੜ੍ਹੇ ਹੋਏ। ਇਹਨਾਂ ਸਵਾਲਾਂ ਦੇ ਉੱਤਰ ਲੱਭਦਿਆਂ ਅਤੇ ਨਿਰੋਲ ਦਲਿਤ-ਦ੍ਰਿਸ਼ਟੀ ਦੇ ਪੱਖ ਤੋਂ ਸਮਾਜ ਦੇ ਆਲੰਬਰਦਾਰਾਂ ਸਾਹਮਣੇ ਨਵੇਂ ਸਵਾਲ ਖੜ੍ਹੇ ਕਰਦਿਆਂ, ਦਲਿਤਾਂ ਨੇ ਵਰਤਮਾਨ ਸਮਾਜਕ ਪ੍ਰਬੰਧ ਅੱਗੇ, ਇਤਿਹਾਸ ਨੂੰ ਨਵੇਂ ਸਿਰੇ ਤੋਂ ਵਾਚਣ ਅਤੇ ਮੌਜੂਦਾ ਹਾਲਾਤਾਂ ਨੂੰ ਦਲਿਤ ਵਰਗ ਦੇ ਸੰਦਰਭ ਤੋਂ ਘੋਖਣ ਲਈ ਮਜਬੂਰ ਕੀਤਾ ਹੈ। ਵਸੀਹ ਪੈਮਾਨੇ ਉੱਪਰ ਹਾਸ਼ੀਆਗਤ ਕੀਤੇ ਗਏ ਦਲਿਤ ਵਰਗ ਨੇ ਹੁਣ ਸਮਾਜ ਦੇ ਹਰ ਖੇਤਰ ਅੰਦਰ ਆਪਣਾ ਮਹੱਤਵਪੂਰਨ ਸੰਦਰਭ ਸਥਾਪਤ ਕਰ ਲਿਆ ਹੈ, ਇਸ ਸੰਦਰਭ ਸਥਾਪਤੀ ਦੀ ਮੁੱਖ ਚੂਲ ਦਲਿਤ ਚਿੰਤਨ ਅਤੇ ਚੇਤਨਾ ਹੀ ਹੈ। ਪਰ ਸਨਾਤਨ ਧਰਮ ਦੇ ਇਸ ਗ਼ੈਰ-ਮਨੁੱਖੀ ਢਾਂਚੇ ਦੀਆਂ ਜੜ੍ਹਾਂ ਇੰਨੀਆਂ ਗਹਿਰੀਆਂ ਹਨ ਕਿ ਅੱਜ ਵੀ ਇਸ ਢਾਂਚੇ ਵਿੱਚੋਂ ਨਵੀਆਂ ਸੂਲਾਂ ਨਵੇਂ-ਨਵੇਂ ਰੂਪ ਧਾਰਣ ਕਰਕੇ ਅਕਸਰ ਫੁੱਟਦੀਆਂ ਦੇਖੀਆਂ ਜਾ ਸਕਦੀਆਂ ਹਨ।

ਬਲਬੀਰ ਮਾਧੋਪੁਰੀ ਦੀ ਚੋਣਵੀਂ ਕਵਿਤਾ ਵਿਚ ਦਲਿਤ ਚੇਤਨਾ ਦੇ ਨਕਸ਼ ਪਛਾਨਣ ਤੋਂ ਪਹਿਲਾਂ ‘ਦਲਿਤ’ ਅਤੇ ‘ਦਲਿਤ ਚੇਤਨਾ’ ਦੇ ਸੰਕਲਪਾਂ ਉੱਪਰ ਇਕ ਝਾਤ ਮਾਰ ਲੈਣੀ ਲਾਜ਼ਮੀ ਹੈ।

‘ ‘ਦਲਿਤ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸਦੇ ਸ਼ਾਬਦਿਕ ਅਰਥ ਹਨ-- ਲਿਤਾੜਿਆ, ਦਲਿਆ ਜਾਂ ਮਿਧਿਆ ਹੋਇਆ।...... ਮਨੂੰ ਨੇ ਭਾਰਤੀ ਸਮਾਜ ਨੂੰ ਚਾਰ ਵਰਗਾਂ ਬ੍ਰਾਹਮਣ, ਕ੍ਸ਼ੱਤ੍ਰੀ, ਵੈਸ਼ ਤੇ ਸ਼ੂਦਰ ਵਿਚ ਵੰਡ ਦਿੱਤਾ ਸੀ। ਸ਼ੂਦਰ ਕੋਲ ਆਰਥਿਕ ਵਸੀਲੇ ਖ਼ਤਮ ਹੋ ਗਏ, ਜਿਸਦੇ ਫ਼ਲਸਰੂਪ ਉਹ ਕਮਜ਼ੋਰ, ਨਿਤਾਣੇ, ਨਿਮਾਣੇ ਅਤੇ ਅਛੂਤ ਬਣਾ ਦਿੱਤੇ ਗਏ। ਇਸ ਵਰਗ ਦੇ ਲੋਕਾਂ ਨੂੰ ਹਜ਼ਾਰਾਂ ਸਾਲ ਤੱਕ ਸ਼ੋਸਿਤ ਕੀਤਾ ਗਿਆ ਅਤੇ ਇਹਨਾਂ ਨਾਲ ਬਿਨਾਂ ਕਾਰਣ ਹੀ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਰਿਹਾ, ਜੋ ਕਈਆਂ ਹਾਲਾਤਾਂ ਵਿਚ ਪਸ਼ੂਆਂ ਨਾਲੋਂ ਵੀ ਭੈੜਾ ਸੀ।6

ਡਾ. ਮੈਨੇਜਰ ਪਾਂਡੇ ਅਨੁਸਾਰ ਦਲਿਤਾਂ ਦੀ ਸਮਾਜਕ, ਰਾਜਨੀਤਿਕ ਅਤੇ ਸੱਭਿਆਚਾਰਕ ਇੱਛਾ ਦੇ ਅਨੁਰੂਪ ਸਮਾਜ ਵਿਚ ਪਰਿਵਰਤਨ ਦੀ ਮੰਗ ਅਤੇ ਲੋੜ7 ਦਲਿਤ ਚੇਤਨਾ ਦੀ ਪ੍ਰਕਿਰਤੀ ਹੈ।

ਸਮਾਜਕ, ਧਾਰਮਕ, ਆਰਥਕ, ਸਿਖਿਅਕ ਅਤੇ ਰਾਜਨੀਤਿਕਦ੍ਰਿਸ਼ਟੀ ਤੋਂ ਦਲਿਤ, ਸ਼ੋਸਿਤ, ਉਤਪੀੜਿਤ, ਅਪਮਾਣਿਤ, ਵੰਚਿਤ, ਨਿਆਸਰੇ, ਮਜ਼ਬੂਰ, ਅਛੂਤ ਅਤੇ ਬੇਬਸ ਦਲਿਤ ਵਰਗ ਉੱਤੇ ਆਧਾਰਤ ਸਾਹਿਤ ਦੀਆਂ ਜੋ ਰਚਨਾਵਾਂ ਹੁੰਦੀਆਂ ਹਨ, ਉਹ ਦਲਿਤ ਸਾਹਿਤ ਦੀ ਸ਼੍ਰੇਣੀ ਵਿਚ ਆਉਂਦੀਆਂ ਹਨ।8ਡਾ. ਸਰਬਜੀਤ ਸਿੰਘ ਦੇ ਅਨੁਸਾਰ ‘ਦਲਿਤ ਸਾਹਿਤ’ ਜਾਤੀ-ਹੀਣਤਾ ਦੇ ਪ੍ਰਸੰਗ ਵਿਚ ਆਤਮ-ਸਨਮਾਨ ਦੀ ਚੇਤਨਾ ਵਿੱਚੋਂ ਪੈਦਾ ਹੋਇਆ ਹੈ।9

ਡਾ. ਰੌਣਕੀ ਰਾਮ ਆਪਣੀ ਪੁਸਤਕ ‘ਦਲਿਤ ਚੇਤਨਾ: ਸਰੋਤ ਤੇ ਸਰੂਪ’ ਵਿਚ ਦਲਿਤ ਚੇਤਨਾ ਦੇ ਸੰਬੰਧ ਵਿਚ ਬੁਨਿਆਦੀ ਸਵਾਲ ਉਠਾਉਂਦਾ ਹੈ, “ਦਲਿਤ ਚੇਤਨਾ ਦੇ ਮੁਢਲੇ ਸਰੋਤਾਂ ਵਿਚ ਛੂਤ-ਛਾਤ ਦੀ ਭਿਆਨਕ ਸਮਾਜਿਕ ਬੁਰਾਈ ਤੋਂ ਪੀੜਿਤ ਲੋਕਾਂ ਦਾ ਆਭਾਸ ਉਨ੍ਹਾਂ ਦੀ ਬਣ ਰਹੀ ਦਲਿਤ ਚੇਤਨਾ ਦੀ ਬਣਤਰ ਵਿਚ ਅਹਿਮ ਸਥਾਨ ਰੱਖਦਾ ਹੈ। ਬਾਬਾ ਸਾਹਿਬ ਦਾ ਕਥਨ ਹੈ ਕਿ ‘ਗ਼ੁਲਾਮਾਂ ਨੂੰ ਉਨ੍ਹਾਂ ਦੀ ਗ਼ੁਲਾਮੀ ਦਾ ਅਹਿਸਾਸ ਕਰਾ ਦਿਓ ਤਾਂ ਉਹ ਗ਼ੁਲਾਮੀ ਵਿਰੁੱਧ ਬਗ਼ਾਵਤ ਕਰ ਦੇਣਗੇ। ਇਸ ਕਥਨ ਤੋਂ ਭਾਵ ਕਿ ਚੇਤਨਾ ਦਾ ਸਰੋਤ ਬਾਹਰਮੁਖੀ ਹੈ। ਕੀ ਇਹ ਸੰਭਵ ਹੈ ਕਿ ਚੇਤਨਾ ਅੰਤਰਮੁਖੀ ਵੀ ਹੋ ਸਕਦੀ ਹੈ ? ਜਾਂ ਫਿਰ ਅੰਤਰ ਅਤੇ ਬਾਹਰਮੁਖੀ ਚੇਤਨਾ ਦੇ ਸਰੋਤਾਂ ਦਾ ਆਪਸੀ ਸੁਮੇਲ ਹੀ ਚੇਤਨਾ ਦੀ ਅਗਨੀ ਨੂੰ ਪ੍ਰਚੰਡ ਕਰਨ ਵਿਚ ਸਹਾਈ ਹੁੰਦਾ ਹੈ।” 10

ਕਿਉਂਕਿ ਸੋਚਣ ਸ਼ਕਤੀ ਮਨੁੱਖ ਦੀ ਪ੍ਰਮੁੱਖ ਕੁਦਰਤੀ ਪ੍ਰਵਿਰਤੀ ਹੈ ਇਸ ਲਈ ਮਨੁੱਖ ਅੰਤਰਮੁਖੀ ਅਤੇ ਬਾਹਰਮੁਖੀ ਦੋਵੇਂ ਹੀ ਧਰੁਵਾਂ ਵੱਲ ਨੂੰ ਆਪਣੀ ਸੋਚਣ ਸ਼ਕਤੀ ਦੁਆਰਾ ਮੁਖ਼ਾਤਿਬ ਹੁੰਦਾ ਹੈ। ਬਿਨਾਂ ਸ਼ੱਕ ਆਰੰਭ ਤੋਂ ਹੀ ਦਲਿਤਾਂ ਦੀਆਂ ਮਨੋ-ਬਚਨੀਆਂ ਵਿਚ ਆਪਣੇ ਹਾਲਾਤਾਂ ਉੱਪਰ ਤਰਸ ਅਤੇ ਗੁੱਸੇ ਦੇ ਭਾਵ ਉੱਭਰਦੇ ਹੋਣਗੇ ਪਰ ਪ੍ਰਾਚੀਨ ਅਤੇ ਮੱਧਕਾਲ ਦੌਰਾਨ ਬ੍ਰਾਹਮਣਵਾਦੀ ਭੁਲੇਖਾਪਾਊ ਗਿਆਨ ਸ਼ਾਸਤਰ ਦਾ ਗਲਬਾ ਹੋਣ ਕਰਕੇ ਦਲਿਤ ਵਰਗ ਆਪਣੇ ਹਾਲਾਤਾਂ ਨੂੰ ਹੋਣੀ, ਕਿਸਮਤ, ਕਰਮ ਆਦਿ ਦੇ ਸਿਰ ਮੜ੍ਹਦਾ ਰਿਹਾ। ਭਾਵ ਆਪਣੀ ਤਰਸਯੋਗ ਹਾਲਤ ਦਾ ਅਹਿਸਾਸ ਹੋਣ ਦੇ ਬਾਵਜੂਦ ਵੀ ਦਲਿਤ ਇਕ ਅਦਿਖ ਸਮਾਜਿਕ-ਧਾਰਮਿਕ ਸਮਝੌਤੇ ਅਧੀਨ ਗ਼ੁਲਾਮਾਂ ਤੋਂ ਵੀ ਭੈੜਾ ਜੀਵਨ ਜਿਉਂਦੇ ਰਹੇ। ਸਮੇਂ ਦੇ ਵੱਖ-ਵੱਖ ਪੜਾਵਾਂ ਉੱਪਰ ਬਾਹਰਮੁਖੀ ਵਰਤਾਰਿਆਂ ਵਿਚ ਸਨਾਤਨ ਧਰਮ ਅਤੇ ਸਮਾਜ ਨੂੰ ਮਿਲੀਆਂ ਚਣੌਤੀਆਂ ਨੇ ਅੰਤਰਮੁਖੀ ਦਬੀ ਹੋਈ ਚੇਤਨਾ ਨੂੰ ਪ੍ਰਜਵਿਲਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਭਾਵ ਅੰਤਰਮੁਖੀ ਅਤੇ ਬਾਹਰਮੁਖੀ ਚੇਤਨਾ ਦੋਵਾਂ ਦੇ ਸੁਮੇਲ ਕਾਰਨ ਹੀ ਦਲਿਤ ਵਰਗ ਆਪਣੇ ਹੱਕਾਂ ਲਈ ਜੂਝਣ ਲਈ ਉੱਠ ਖਲੋਇਆ ਹੈ।

ਦਲਿਤ ਸਾਹਿਤ, ਦਲਿਤ ਚੇਤਨਾ ਦੀ ਹੀ ਇਕ ਦਿਸ਼ਾ ਹੈ ਕਿਉਂਕਿ ਇਕ ਚੇਤੰਨ ਸਾਹਿਤਕਾਰ ‘ਦਲਿਤ ਸਾਹਿਤ’ ਦੀ ਰਚਨਾ ਕਰਕੇ ਸਮਾਜ ਵਿਚ ਦਲਿਤ ਚੇਤਨਾ ਦੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਂਦਾ ਹੈ। ਪੰਜਾਬੀ ਵਿੱਚ ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਨੇ ਜੋ ਬਾਣੀ ਰਚੀ ਉਸ ਵਿਚ ਦਲਿਤ ਚੇਤਨਾ ਦੇ ਭਰਪੂਰ ਦਰਸ਼ਨ ਹੁੰਦੇ ਹਨ। ਆਧੁਨਿਕ ਪੰਜਾਬੀ ਕਵਿਤਾ ਵਿੱਚ ਗੁਰਦਾਸ ਰਾਮ ਆਲਮ, ਚਾਨਣ ਗੋਬਿੰਦਪੁਰੀ, ਚਰਨ ਦਾਸ ਨਿਧੜਕ, ਪ੍ਰੀਤਮ ਰਾਮਦਾਸਪੁਰੀ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਬਲਬੀਰ ਮਾਧੋਪੁਰੀ ਆਦਿ ਦਲਿਤ ਕਵੀਆਂ ਵਜੋਂ ਪ੍ਰਮਾਣਿਕ ਹਸਤਾਖ਼ਰ ਹਨ। ਬਲਬੀਰ ਮਾਧੋਪੁਰੀ ਨੱਬੇਵਿਆਂ ਦੇ ਦੌਰਾਨ ਆ ਕੇ ਇਸ ਕਤਾਰ ਵਿਚ ਆ ਖਲੋਂਦਾ ਹੈ।

ਬਲਬੀਰ ਮਾਧੋਪੁਰੀ ਪੰਜਾਬੀ ਸਾਹਿਤ ਜਗਤ ਵਿਚ ਇੱਕ ਸਥਾਪਤ ਨਾਮ ਹੈ। ਸੰਪਾਦਕੀ ਅਤੇ ਅਨੁਵਾਦਕੀ ਵਿਚ ਤਾਂ ਉਸਨੇ ਮੀਲ਼-ਪੱਥਰ ਸਥਾਪਤ ਕੀਤੇ ਹੀ ਹਨ, ਇਸ ਦੇ ਨਾਲ ਨਾਲ ਉਸਨੇ ਕਵਿਤਾ ਰਚ ਕੇ ਪੰਜਾਬੀ ਸਾਹਿਤ ਜਗਤ ਅੰਦਰ ਯੋਗਦਾਨ ਪਾਇਆ ਹੈ, ਹਾਲਾਂਕਿ ਗਿਣਾਤਮਕ ਪੱਖੋਂ ਕਵਿਤਾ ਰਚਨਾ, ਉਸ ਦੁਆਰਾ ਸੰਪਾਦਿਤ ਅਤੇ ਅਨੁਵਾਦ ਕੀਤੀਆਂ ਪੁਸਤਕਾਂ ਦੇ ਮੁਕਾਬਲੇ ਕਾਫੀ ਘੱਟ ਹੈ। ਉਸਨੇ ਦੋ ਦਰਜਨ ਤੋਂ ਵੱਧ ਹੋਰ ਭਾਸ਼ਾਵਾਂ ਦੀਆਂ ਅਤੇ ਵਿਦੇਸ਼ੀ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਅਤੇ ਚਾਲੀ ਤੋਂ ਵੱਧ ਪੁਸਤਕਾਂ ਦਾ ਸੰਪਾਦਨ ਕਰਕੇ ਪਾਠਕਾਂ ਦੀ ਝੋਲੀ ਪਾਈਆਂ ਹਨ। ਅਨੁਵਾਦ ਕਾਰਜ ਲਈ ਲੇਖਕ ਨੂੰ ਰਾਸ਼ਟਰੀ ਪੱਧਰ ਦੇ ਮਾਨ-ਸਨਮਾਨ ਵੀ ਹਾਸਿਲ ਹੋਏ ਹਨ। ਸਭ ਤੋਂ ਵੱਧ ਉਸਦੀ ਮਕਬੂਲੀਅਤ ਪੰਜਾਬੀ ਵਿਚ ਆਪਣੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਦੀ ਆਮਦ ਨਾਲ ਬਣਦੀ ਹੈ। ਇਸ ਸਵੈ-ਜੀਵਨੀ ਨੂੰ ਅੰਤਰ-ਰਾਸ਼ਟਰੀ ਪੱਧਰ ਉੱਪਰ, ਸਵੈ-ਜੀਵਨੀਆਂ ਵਿਚ, ਦਲਿਤ ਸਵੈ-ਜੀਵਨੀਆਂ ਦੀ ਸ਼੍ਰੇਣੀ ਵਿਚ, ਉੱਤਮ ਸਵੈ-ਜੀਵਨੀ ਵਜੋਂ ਗਿਣਿਆ ਜਾਂਦਾ ਹੈ। ‘ਛਾਂਗਿਆ ਰੁੱਖ’ ਦਾ ਹਿੰਦੀ, ਸ਼ਾਹਮੁਖੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕਿਆ ਹੈ। ਕਵਿਤਾ ਦੇ ਰੂਪ ਵਿਚ ਉਸਦੀਆਂ ਤਿੰਨ ਕਾਵਿ-ਪੁਸਤਕਾਂ ‘ਮਾਰੂਥਲ ਦਾ ਬਿਰਖ’ (1992), ‘ਭਖਦਾ ਪਤਾਲ’ (1998) ਅਤੇ ‘ਮੇਰੀ ਚੋਣਵੀਂ ਕਵਿਤਾ’ (2011) ਛਪ ਚੁੱਕੀਆਂ ਹਨ।

ਉਂਝ ਤਾਂ ਬਲਬੀਰ ਮਾਧੋਪੁਰੀ ਦੀ ‘ਮੇਰੀ ਚੋਣਵੀਂ ਕਵਿਤਾ’ ਕਾਵਿ ਸੰਗ੍ਰਹਿ ਵਿਚ ਸਾਨੂੰ ਉਸਦੇ ਕਾਵਿ-ਸੁਭਾਅ ਦਾ ਹਰ ਇਕ ਰੰਗ ਦੇਖਣ ਨੂੰ ਮਿਲਦਾ ਹੈ। ਪਰ, ਇਸ ਸੰਗ੍ਰਹਿ ਦੀ ਕਵਿਤਾ ਦੇ ਚੇਤਨ-ਅਵਚੇਤਨ ਵਿਚ ਦਲਿਤ ਚਿੰਤਨ ਅਤੇ ਚੇਤਨਾਕਿਤੇ ਲੁਕਵੇਂ ਰੂਪ ਵਿਚ ਅਤੇ ਕਿਤੇ ਚਸ਼ਮਦੀਦ ਵਾਂਗ ਬੋਲਦੀ ਹੈ। ਆਪਣੀ ‘ਕਾਵਿ-ਲੋਚਾ’ ਵੱਸ, ‘ਕਵਿਤਾ ਦੀ ਤਲਾਸ਼ ਵਿਚ’ ਕਵੀ (ਬਲਬੀਰ ਮਾਧੋਪੁਰੀ) ਕਵਿਤਾ ਨੂੰ ਮੁਖ਼ਾਤਿਬ ਵੀ ਹੋ ਰਿਹਾ ਹੈ ਅਤੇ ‘ਕਵਿਤਾ (ਨੂੰ) ਮੁਖ਼ਾਤਿਬ ਹੋ!’ ਜਾਣ ਲਈ ਵੀ ਆਖ ਰਿਹਾ ਹੈ ਕਿਉਂਕਿ ‘ਕਵਿਤਾ ਨਿਰੇ ਅੱਖਰ ਹੀ ਨਹੀਂ’ ਹੁੰਦੀ। ਕੌਮਿਆਂ ਵਿਚ ਬੰਦ ਉਪਰੋਕਤ ਸਿਰਲੇਖ ਬਲਬੀਰ ਮਾਧੋਪੁਰੀ ਦੀ ‘ਮੇਰੀ ਚੋਣਵੀਂ ਕਵਿਤਾ’ ਕਾਵਿ-ਸੰਗ੍ਰਹਿ ਦੀਆਂ ਪਹਿਲੀਆਂ ਚਾਰ ਕਵਿਤਾਵਾਂ ਦੇ ਹਨ। ਇਹਨਾਂ ਸਿਰਲੇਖਾਂ ਵਿਚ ਭਾਵੇਂ ਕਵਿਤਾ ਦੇ ਪ੍ਰਜੋਯਨ ਅਤੇ ਪਰਿਭਾਸ਼ਾ ਦੀ ਝਲਕ ਪੈਂਦੀ ਹੈ ਪਰ ਚਾਰੇ ਹੀ ਕਵਿਤਾਵਾਂ ਨੂੰ ਦਲਿਤ ਚੇਤਨਾ ਬਾਖ਼ੂਬੀ ਸੰਚਾਲਤ ਕਰਦੀ ਨਜ਼ਰ ਆਉਂਦੀ ਹੈ। ਉਦਾਹਰਣ ਲਈ:

ਮੈਂ ਫਿਰ ਵੀ ਤਲਾਸ਼ਦਾਂ-
ਲਿੱਸੇ ਜਿਹੇ, ਲਾਖੇ ਜਿਹੇ
ਬੇਮਾਣੇ ਬੰਦੇ ਲਈ ਕਵਿਤਾ

ਮਹਿੰਜੋਦੜੇ ਵਰਗੀ ਸਭਿਅਤਾ।(ਕਵਿਤਾ ਦੀ ਤਲਾਸ਼, ਪੰਨਾ-14)
ਕਵਿਤਾ-
ਮੁਖ਼ਾਤਿਬ ਹੋ ਚੀਨੇ ਕਬੂਤਰਾਂ ਨੂੰ
ਕਿ ਤੋਤੇ ਨਹੀਂ ਬਣੀਦਾ
ਜਦੋਂ ਪਿੰਜਰਾ ਅਕਾਸ਼ ਹੋਵੇ
ਖਿਲਾਫ਼ ਹਵਾਵਾਂ ਦੇ

ਡਾਰਾਂ ਬਣ ਉੱਡ ਜਾਈਏ । (ਕਵਿਤਾ ਮੁਖ਼ਾਤਿਬ ਹੋ, ਪੰਨਾ-18)
ਬਸ ਮੈਂ ਤਾਂ ਚਾਹੁੰਦਾਂ
ਕਿ ਮੇਰੀਆਂ ਕਵਿਤਾਵਾਂ
ਉਸ ਕਾਵਿ-ਧਾਰਾ ਵਿਚ ਸ਼ਾਮਿਲ ਹੋਣ
ਜਿਸ ਵਿਚ
ਏਕਲਵਯ, ਬੰਦਾ ਬਹਾਦਰ ਦੀਆਂ ਵਾਰਾਂ ਹਨ
ਪੀਰ ਬੁੱਧੂ ਸ਼ਾਹ ਦਾ ਜੂਝਣ ਹੈ

ਪਾਬਲੋ ਨਰੂਦਾ ਦੀ ਵੇਦਨ ਹੈ। (ਕਾਵਿ-ਲੋਚਾ, ਪੰਨਾ-20)

ਬਲਬੀਰ ਮਾਧੋਪੁਰੀ ਦੀ ਕਵਿਤਾ ਜਦੋਂ ਲਾਖੇ ਬੰਦੇ ਦੀ ਗੱਲ ਕਰਦੀ ਹੈ ਤਾਂ ਅੱਖ ਝਪਕਦਿਆਂ ਹੀ ਸਿੰਧੂ ਘਾਟੀ ਦੀ ਸਭਿਅਤਾਭਾਵ ਅੱਜ ਤੋਂ 4500 ਸਾਲ ਮਗਰ ਜਾ ਕੇ ਆਪਣੀ ਹੋਂਦ ਦੇ ਅਵਸ਼ੇਸ ਭਾਲਦੀ ਹੋਈ ਦਲਿਤ ਚੇਤਨਾ ਦੀ ਚਿੰਗਾਰੀ ਮਘਾਉਂਦੀ ਹੈ।ਇਤਿਹਾਸਕ ਵੇਰਵਿਆਂ ਅਨੁਸਾਰ ਸਿੰਧੂ ਘਾਟੀ ਦੇ ਵਸਨੀਕਾਂ ਨੂੰ ਆਰੀਅਨਾਂ ਨੇ ਉਜਾੜਿਆ ਅਤੇ ਆਪਣਾ ਗ਼ੁਲਾਮ ਬਣਾਇਆ। ਦਲਿਤ ਜੋ ਕਿ ਭਾਰਤੀ ਉਪ-ਮਹਾਂਦੀਪ ਦੇ ਮੂਲ ਨਿਵਾਸੀ ਹਨ ਉਹਨਾਂ ਨੂੰ ਆਰੀਅਨਾਂ ਨੇ ਸ਼ੂਦਰ ਕਹਿ ਕੇ ਉਹਨਾਂ ਦਾ ਅਤਿ ਸ਼ੋਸਣ ਕੀਤਾ। ਆਪਣੇ ਇਤਿਹਾਸ ਨੂੰ ਨਾ ਭੁੱਲਣਾ, ਜਾਂ ਆਪਣੀਆਂ ਜੜ੍ਹਾਂ ਤੋਂ ਨਾ ਟੁੱਟਣਾ ਚੇਤਨਾ ਦੀ ਭਰਪੂਰ ਮੌਜੂਦਗੀ ਦਾ ਲੱਛਣ ਹੈ। ਇਹ ਲੱਛਣ ਬਲਬੀਰ ਮਾਧੋਪੁਰੀ ਦੀ ਕਵਿਤਾ ਵਿਚ ਥਾਂ ਪੁਰ ਥਾਂ ਦੇਖਿਆ ਜਾ ਸਕਦਾ ਹੈ। ਮੋਹਿੰਜੋਦੜੋ ਤੋਂ ਲੈ ਕੇ, ਏਕਲਵਯ ਤੱਕ ਜੋ ਕਿ ਤੀਰ-ਅੰਦਾਜ਼ੀ ਵਿਚ ਅਰਜੁਨ ਤੋਂ ਵੀ ਵੱਧ ਮਾਹਰ ਸੀ, ਮਾਧੋਪੁਰੀ ਦੀ ਕਵਿਤਾ ਅੰਦਰਲੀ ਚੇਤਨਾ ਅਪਣੀਆਂ ਜੜ੍ਹਾਂ ਦੀ ਤਲਾਸ਼ ਵਿਚ ਹੈ। ਏਕਲਵਯ ਦੇ ਬ੍ਰਾਹਮਣ ਗੁਰੂ ਦ੍ਰੋਣਾਚਾਰੀਆ ਨੇ ਗੁਰੂ-ਦੱਖਣਾ ਵਿਚ ਉਸਦਾ ਅੰਗੂਠਾ ਮੰਗ ਕੇ ਏਕਲਵਯ ਦਾ ਇਤਿਹਾਸ-ਮਿਥਿਹਾਸ ਵਿਚ ਦਲਿਤ ਵਜੋਂ ਸਥਾਨ ਨਿਸ਼ਚਤ ਕੀਤਾ। ਬਲਬੀਰ ਮਾਧੋਪੁਰੀ ਦੀ ਕਵਿਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਯਾਦ ਕਰਦੀ ਹੈ ਜਿਸ ਨੇ ਪੰਜਾਬ ਵਿੱਚੋਂ ਜ਼ਿੰਮੀਦਾਰੀ ਪ੍ਰਥਾ ਖਤਮ ਕਰਨ ਲਈ ਆਪਣੇ ਪੱਧਰ ਉੱਪਰ ਲੜਾਈ ਲੜੀ। ਮਾਧੋਪੁਰੀ ਦੀ ਕਵਿਤਾ ਇਹਨਾਂ ਇਤਿਹਾਸਕ ਵਰਤਾਰਿਆਂ ਨੂੰ ਸੰਜੋ ਕੇ ਉਸ ਇਤਿਹਾਸਕ ਬਿਰਤਾਂਤ ਦੀ ਨਿਸ਼ਾਨਦੇਹੀ ਕਰਦੀ ਹੈ ਜਿਸ ਦੇ ਅਣ-ਮਨੁੱਖੀ ਪੈਂਤੜੇ ਕਰਕੇ ਇਸ ਧਰਤੀ ਉੱਪਰ ਹੁਣ ਤੱਕ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਇਤਿਹਾਸ-ਮਿਥਿਹਾਸ ਨੂੰ ਨਾਲ ਲੈ ਕੇ ਤੁਰਨਾ ਮਾਧੋਪੁਰੀ ਦੀ ਕਵਿਤਾ ਅੰਦਰ ਰੂਹ ਭਰਦਾ ਹੈ। ਉਸਦੀ ਕਵਿਤਾ ਦੇ ਇਤਿਹਾਸਕ-ਮਿਥਿਹਾਸਕ ਹਵਾਲੇ ਸਿਰਫ ਭਾਰਤੀ ਉਪ-ਮਹਾਂਦੀਪ ਤੱਕ ਹੀ ਮਹਿਦੂਦ ਨਹੀਂ ਸਗੋਂ ਉਹ ਪਾਬਲੋ ਨਰੂਦਾ ਵਰਗੇ, ਦਮਿਤ ਅਤੇ ਉਤਪੀੜਿਤਾਂ ਦੀ ਗੱਲ ਕਰਨ ਵਾਲੇ ਹਰ ਸਖ਼ਸ ਨੂੰ ਸਿਮਰਦੀ ਹੈ। ਕਵਿਤਾ ਅੰਦਰ ਕਾਰਜਸ਼ੀਲ ਦਲਿਤ ਚੇਤਨਾ ਵਿਸ਼ਵ ਪੱਧਰ ਦੇ ਵਰਤਾਰਿਆਂ ਤੋਂ ਸ਼ਕਤੀ ਗ੍ਰਹਿਣ ਕਰਦੀ ਹੋਈ ਹਰ ਦਲਿਤ ਲਈ ਉੱਠ ਖਲੋਣ ਅਤੇ ਡਟੇ ਰਹਿਣ ਦਾ ਸਬਕ ਸਿਰਜਦੀ ਹੈ। ਦਲਿਤ ਚੇਤਨਾ ਦੇ ਪੱਖ ਤੋਂ ਇਤਿਹਾਸ-ਮਿਥਿਹਾਸ ਦੇ ਬਿਰਤਾਂਤ ਨੂੰ ਹਵਾਲਿਆਂ ਵਾਂਗ ਪਹਿਲਾਂ ਵੀ ਪੰਜਾਬੀ ਦਲਿਤ ਕਵੀ ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਨੇ ਵੀ ਬਾਖ਼ੂਬੀ ਸਿਰਜਿਆ ਹੈ। ਉਦਾਹਰਣ ਲਈ:
ਤੰਗ ਆਏ ਨੇ ਮਜਦੂਰ ਲੋਟੂਆਂ ਤੋਂ
ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ।
ਜੇਰਾ ਕੱਢੀਂ ‘ਉਦਾਸੀ’ ਤੂੰ ਪੰਜਵੀਂ ਨੂੰ
ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ (ਸੰਤ ਰਾਮ ਉਦਾਸੀ)



ਜਾ ਰਿਹਾ ਹੈ ਲੰਮਾ ਲਾਰਾ
ਮੋਢਿਆਂ ‘ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ ?
ਇਹ ਜਾ ਰਹੇ ਨੇ ਰੋਕਣ
ਕਿਸ ਭਾਰਤ ਦੀ ਜ਼ਮੀਨ। (ਲਾਲ ਸਿੰਘ ਦਿਲ)

ਲਾਲ ਸਿੰਘ ਦਿਲ ਅਤੇ ਸੰਤ ਰਾਮ ਤੋਂ ਬਿਨਾਂ ਪਾਸ਼ ਨੇ ਵੀ ਸ਼ੋਸ਼ਿਤ ਵਰਗ ਦੀ ਹਾਲਤ ਜੁਝਾਰਵਾਦੀ ਲੈਅ ਵਿਚ ਬਿਆਨ ਕੀਤੀ ਹੈ। ਮਾਧੋਪੁਰੀ ਦੀ ਕਵਿਤਾ ਵਿਚ ਵੀ ਪਾਸ਼ ਵਾਲੀ ਸੁਰ ਕਿਤੇ ਕਿਤੇ ਸੁਣਾਈ ਦਿੰਦੀ ਹੈ, ਇਸ ਸੰਬੰਧ ਵਿਚ ਉਸਦੀ ਕਵਿਤਾ ‘ਜ਼ਿੰਦਗੀ-2’ ਅਤੇ ‘ਤਰੰਗਾਂ’ ਦੇਖੀ ਜਾ ਸਕਦੀ ਹੈ। ਭਿੰਨਤਾ ਇਹ ਹੈ ਕਿ ਪਾਸ਼ ਕਾਵਿ ਦੀ ਸੁਰ ਜੁਝਾਰਵਾਦੀ ਹੈ ਪਰ ਮਾਧੋਪੁਰੀ ਦੀ ਕਵਿਤਾ ਦਲਿਤ ਚੇਤਨਾ ਦਾ ਪੱਲਾ ਕਿਤੇ ਵੀ ਨਹੀਂ ਛੱਡਦੀ:

ਬਹੁਤ ਭਿਆਨਕ ਹੁੰਦਾ ਹੈ ਉਹ ਸਮਾਂ
ਜਦੋਂ ਕੋਈ ਆਪੇ ਸੰਗ ਮਹਾਂਭਾਰਤ ਲੜ ਰਿਹੈ ਹੁੰਦਾ
ਨਾ ਇਸ ਦੇ ਸ਼ਸਤਰਾਂ ਦੀ ਆਵਾਜ ਸੁਣਦੀ ਹੈ

ਨਾ ਹੀ ਅਗਨ ਬਾਣਾਂ ਦੀਆਂ ਲਾਟਾਂ ਦਿਸਣ। (ਤਰੰਗਾਂ, ਪੰਨਾ-76)

ਉੱਪਰ ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਹਨਾਂ ਦੋਵਾਂ ਸ਼ਾਇਰਾਂ ਦੀਆਂ ਰਚਨਾਵਾਂ ਅੰਦਰ ਦਲਿਤ ਚੇਤਨਾ ਦਾ ਭਰਵਾਂ ਪ੍ਰਵਾਹ ਦੇਖਿਆ ਜਾ ਸਕਦਾ ਹੈ ਪਰ ਇਹਨਾਂ ਦੀਆਂ ਰਚਨਾਵਾਂ ਉੱਪਰ ਮਾਰਕਸਵਾਦੀ ਪੈਂਤੜਾ ਭਾਰੂ ਹੈ, ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਹਨਾਂ ਸਮਿਆਂ ਵਿਚ ਪੰਜਾਬ ਦੀ ਧਰਤੀ ਉਪਰ ਮਾਰਕਸਵਾਦੀ ਵਿਚਾਰਧਾਰਾ ਦੀ ਥੋੜ੍ਹਚਿਰੀ ਚੜ੍ਹਤ ਦਾ ਦੌਰ ਸੀ। ਉਸ ਚੜ੍ਹਤ ਦਾ ਪ੍ਰਭਾਵ ਬਹੁਤੇ ਪੰਜਾਬੀ ਸਾਹਿਤਕਾਰਾਂ ਨੇ ਕਬੂਲਿਆ ਹੈ। ਪਰ ਬਲਬੀਰ ਮਾਧੋਪੁਰੀ ਨੇ ਆਪਣੀ ਕਵਿਤਾ ਉੱਪਰ ਇਹ ਪ੍ਰਭਾਵ ਹਾਵੀ ਨਹੀਂ ਹੋਣ ਦਿੱਤਾ। ਬਲਬੀਰ ਮਾਧੋਪੁਰੀ ਦੀ ਕਵਿਤਾ ਉੱਪਰ ਦਲਿਤ ਚੇਤਨਾ ਦਾ ਪ੍ਰਭਾਵ ਵਧੇਰੇ ਉਭਰਦਾ ਹੈ ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਕਵਿਤਾ ਵਿਚ ਦਲਿਤ ਸਾਹਿਤ ਦੇ ਨਿਰੋਲ ਲੱਛਣਾਂ ਵਾਲੀ ਕਵਿਤਾ ਨੇ ਆਪਣਾ ਮੁਹਾਂਦਰਾ ਬਣਾਉਣਾ ਆਰੰਭ ਕਰ ਦਿੱਤਾ ਹੈ।

ਬਲਬੀਰ ਮਾਧੋਪੁਰੀ ਦੀ ਕਵਿਤਾ ­­ਵਿੱਚੋਂ ਉਸਦੀ ਸਵੈ-ਜੀਵਨੀ ਦੇ ਪਦ-ਚਿੰਨ੍ਹ ਲੱਭੇ ਜਾ ਸਕਦੇ ਹਨ। ਉਸਦੀ ਕਵਿਤਾ ਵਿਚਲੀ ਦਲਿਤ ਚੇਤਨਾ ‘ਛਾਂਗਿਆ ਰੁੱਖ’ ਵਿਚ ਵੀ ਸੰਚਾਰ ਕਰ ਗਈ ਹੈ। ਬਲਬੀਰ ਮਾਧੋਪੁਰੀ ਦੀ ਕਵਿਤਾ ਵਿਚ ‘ਰੁੱਖ’ ਵਾਰ ਵਾਰ ਇਕ ਮੈਟਾਫ਼ਰ ਬਣਕੇ ਉੱਭਰਦਾ ਹੈ। ਜਿਸ ਤਰ੍ਹਾਂ ਆਪਣੀ ਸਵੈ-ਜੀਵਨੀ ਨੂੰ ਉਸਨੇ ‘ਛਾਂਗਿਆ ਰੁੱਖ’ ਦਾ ਸਿਰਲੇਖ ਦਿੱਤਾ ਹੈ, ਉਸੇ ਤਰ੍ਹਾਂ ਉਸਦੀ ਕਵਿਤਾ ਵਿੱਚੋਂ ਇਸ ਛਾਂਗੇ ਰੁੱਖ ਦਾ ਪ੍ਰਛਾਵਾਂ ਲੱਭਿਆ ਜਾ ਸਕਦਾ ਹੈ। ਉਦਾਹਰਣ ਲਈ:

ਤੇ ਤੂੰ, ਫਿਰ ਇਉਂ ਪਰਤ ਆ
ਜਿਉਂ ਰੁੰਡ-ਮਰੁੰਡ ਰੁੱਖਾਂ ਉਤੇ
ਹਰੇ-ਭਰੇ ਟਾਹਣ ਪੱਤੇ

ਘਾਹ ਉਤੇ ਤ੍ਰੇਲ ਤੁਪਕੇ। (ਕਵਿਤਾ ਦੀ ਤਲਾਸ਼, ਪੰਨਾ-14)

ਕਵਿਤਾ ਨਿਰੇ ਅੱਖਰ ਨਹੀਂ
ਰੁੱਖਾਂ ਨਾਲੋਂ ਟੁੱਟਣ ਟੁੱਟਣ ਕਰਦੇ

ਪੱਤਿਆਂ ਦੀ ਦਾਸਤਾਨ ਹੈ। (ਕਵਿਤਾ ਨਿਰੇ ਅੱਖਰ ਨਹੀਂ, ਪੰਨਾ-15)



ਕੇਹਾ ਤੇਰਾ ਦੇਸ਼
ਓ! ਰਾਜਿਆ
ਹੱਥੀਂ ਪਾਲੇ ਰੁੱਖ ਛਾਂਗੇ

ਹੋਏ ਬੁੱਢੇ ਛਾਂ ਤੱਕਦੇ ਨੇ ਲੋਕਾ। (ਓ! ਰਾਜਿਆ, ਪੰਨਾ-39)

ਆਪਣੀ ਕਵਿਤਾ ਵਿਚ ਉਹ ਜਿੱਥੇ ਦਲਿਤ ਚੇਤਨਾ ਦੇ ਸਰੋਤ ਇਤਿਹਾਸ-ਮਿਥਿਹਾਸ ਵਿੱਚੋਂ ਲੱਭਦਾ ਹੈ ਉੱਥੇ ਹੀ ਉਹ ਸਵੈ-ਕੇਂਦਰਿਤ ਹੋ ਕੇ ਆਪਣੀਆਂ ਪਿਛਲੀਆਂ ਪੀੜ੍ਹੀਆਂ ਅਤੇ ਸਮਕਾਲੀਆਂ ਨਾਲ ਸੰਵਾਦ ਰਚਾਉਂਦਿਆਂ ਆਪਣੇ ਕਾਵਿ-ਪ੍ਰਵਚਨ ਦੀ ਦਿਸ਼ਾ ਨਿਰਧਾਰਤ ਕਰਦਾ ਹੈ। ਕਵਿਤਾ ਅੰਦਰ ਆਪਣੀਆਂ ਪਿਛਲੀਆਂ ਪੀੜ੍ਹੀਆਂ ਅਤੇ ਸਮਕਾਲੀਆਂ ਨਾਲ ਰਚਾਏ ਇਸ ਸੰਵਾਦ ਕਰਕੇ ਕਵਿਤਾ ਸੱਚ ਦੇ ਹੋਰ ਨੇੜੇ ਹੋ ਕੇ ਦਰਸ਼ਨ ਕਰਾਉਂਦੀ ਹੈ ਅਤੇ ਨਾਅਰਾ ਬਨਣ ਤੋਂ ਵੀ ਬਚਦੀ ਹੈ। ਜਿਵੇਂ:

ਮਾਂ
ਮੈਨੂੰ ਦੱਸਦੀ ਹੈ
ਕੋਈ ਸੋਚ ਉਹਨੂੰ ਪੱਛਦੀ ਹੈ
ਫਿਰ ਵੀ ਦੱਸਦੀ ਹੈ
ਉਹਨੇ ਉੱਚੀ ਉੱਚੀ ਪੁਕਾਰਿਆ-
ਮੈਂ ਖੇਤਾਂ ਨੂੰ ਸੁਆਰਿਆ
ਮਹਿਲਾਂ ਨੂੰ ਉਸਾਰਿਆ
ਡੁੱਬਦੇ ਮੁਲਕ ਨੂੰ ਤਾਰਿਆ
ਤੇ ਉਨ੍ਹਾਂ ਸਹਿਜ ਹੀ ਉਚਾਰਿਆ-
ਤੂੰ ਹੈਂ ਤਾੜਣ ਦਾ ਅਧਿਕਾਰੀ
ਜੁੱਗ-ਜੁੱਗ ਤੇਰੀ

ਸੇਵਾ-ਅਧਿਕਾਰ ਦੀ ਵਾਰੀ। (ਮਾਂ ਦੱਸਦੀ ਹੈ, ਪੰਨਾ-22)

ਉਪਰੋਕਤ ਸਤਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਵਰਣ ਵੰਡ ਦੁਆਰਾ ਸਰਾਪੀ ਹੋਈ ਜ਼ਿੰਦਗੀ ਜਿਊਣ ਲਈ ਮਜਬੂਰ ਹੋਣ ਦੀ ਗਵਾਹੀ, ਕਵਿਤਾ, ਕਵੀ ਦੀ ਮਾਂ ਦੇ ਮੁੱਖ ਤੋਂ ਭਰਵਾਉਂਦੀ ਹੈ। ਇਸੇ ਤਰ੍ਹਾਂ ਕਵੀ ‘ਮੇਰਾ ਬਜ਼ੁਰਗ’ ਕਵਿਤਾ ਵਿਚ ਲਿਖਦਾ ਹੈ:

ਤੇ ਮੇਰੇ ਕੋਲ ਕੀ ਹੈ?
‘ਗੌਰਵਮਈ ਸੰਸਕ੍ਰਿਤੀ ਦਾ ਦੇਸ਼ !
ਗ਼ੁਲਾਮੀ ਦੀ ਪ੍ਰਥਾ ਨੂੰ ਤੋਰਣ ਲਈ

ਮੇਰੀ ਆਪਣੀ ਸੰਤਾਨ! (ਮੇਰਾ ਬਜ਼ੁਰਗ, ਪੰਨਾ-24)

ਇਸੇ ਤਰ੍ਹਾਂ ਬਲਬੀਰ ਮਾਧੋਪੁਰੀ ਆਪਣੇ ਸਮਕਾਲੀਆਂ ਨੂੰ ਸੰਬੋਧਿਤ ਹੁੰਦਿਆਂ ਦਾਸਤਾ ਦੀਆਂ ਜ਼ੰਜ਼ੀਰਾਂ ਤੋੜਣ ਲਈ ਉਹਨਾਂ ਨੂੰ ਕੁੱਝ ਕਰਨ ਲਈ ਪੁਕਾਰਦਾ ਹੈ:

ਆਓ ਮੇਰੇ ਸਮਕਾਲੀ
ਕਿੱਸਾ-ਕਾਵਿ ਪਰੰਪਰਾ ਤਜਈਏ
ਸੰਸਕ੍ਰਿਤ ਦੀ ਸੰਸਕ੍ਰਿਤੀ ਛੱਡੀਏ
ਜਿਸ ਵਿਚ ਅਸੀਂ ਜੀਂਦੇ ਮਰੀਏ

ਉਸ ਬੇੜੀ ਵਿਚ ਵੱਟੇ ਭਰੀਏ। (ਆਓ ਮੇਰੇ ਸਮਕਾਲੀ, ਪੰਨਾ-31)

ਮਾਧੋਪੁਰੀ ਦੀ ਕਵਿਤਾ ਵਿਚਲੀ ਦਲਿਤ ਚੇਤਨਾ ਦੀ ਕਨਸੋਅ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਉਸਦੀ ਕਵਿਤਾ ਦਲਿਤ ਵਰਗ ਉੱਪਰ ਹੋਏ ਅਤੇ ਹੋ ਰਹੇ ਅੱਤਿਆਚਾਰ ਉੱਪਰ ਵੈਣ ਪਾਉਣ ਦੀ ਥਾਂ, ਭੂਤ ਲੋਕ ਦੇ ਅਨੁਭਵਾਂ ਨੂੰ ਯਾਦ ਕਰਦਿਆਂ, ਉਹਨਾਂ ਤੋਂ ਸੇਧ ਲੈਂਦਿਆਂ, ਹੌਸਲਾ ਨਾ ਛੱਡਦਿਆਂ ਅੱਗੇ ਵਧਣ ਦੀ ਗੱਲ ਕਰਦੀ ਹੈ। ਕੀ ਵਰਣ ਵਿਵਸਥਾ, ਕੀ ਧਰਮਾਂ ਦੇ ਜੰਜਾਲ, ਕੀ ਅਖੌਤੀ ਉੱਚ ਵਰਗ ਦੁਆਰਾ ਸ਼ੋਸਣ, ਕੀ ਗ਼ੁਲਾਮੀ ਦਾ ਜੂਲਾ, ਸਭ ਸਥਿਤੀਆਂ ਤੋਂ ਉਸਦੀ ਕਵਿਤਾ ਭਲੀਭਾਂਤ ਜਾਣੂ ਹੈ। ਸੱਤਾ ਦੇ ਬ੍ਰਾਹਮਣਵਾਦੀ ਪ੍ਰਬੰਧ ਨੇ ਧਰਮ ਦੇ ਲਿਹਾਫ ਹੇਠ ਦਬਾ ਕੇ ਦਲਿਤ ਵਰਗ ਨੂੰ ਇੰਨਾ ਦੀਨ-ਹੀਨ ਕਰ ਦਿੱਤਾ ਸੀ ਕਿ ਸ਼ੂਦਰਾਂ ਦੀ ਜਿਸ ਤਰ੍ਹਾਂ ਕਿ ਸੋਚਣ ਸ਼ਕਤੀ ਹੀ ਖੁੰਢੀ ਕਰ ਦਿੱਤੀ ਗਈ ਹੋਵੇ, ਖੁੰਢੀ ਹੀ ਨਹੀਂ ਸਗੋਂ ਖਤਮ ਕਰ ਦਿੱਤੀ ਗਈ ਹੋਵੇ ਤੇ ਸ਼ੂਦਰ ਪਾਲਤੂਆਂ ਵਾਂਗ ਸਵਰਣ ਜਾਤਾਂ ਦੀ ਚਾਕਰੀ ਨੂੰ ਆਪਣਾ ਧਰਮ ਸਮਝ ਕੇ ਵਰਣ-ਧਰਮ ਨਿਭਾਉਂਦੇ ਰਹੇ ਹਨ। ਕਵੀ ਲਿਖਦਾ ਹੈ:

ਉਸ ਨੇ ਕਿਹਾ -
ਮੈਂ ਬਹੁਤ ਚਿਰ ‘ਹਾਂ’ ‘ਚ ‘ਹਾਂ’ ਮਿਲਾਈ
ਹੁਣ ਮੇਰੇ ਬੋਲ ਪੁਗਾਓ
ਉਨ੍ਹਾਂ ਆਖਿਆ –
ਜ਼ੁਬਾਨ ਸਾਡੇ ਕੋਲ ਹੈ
ਤੇ ਤੇਰੇ ਕੋਲ ਕੰਨ ਨੇ

‘ਕੰਨਾਂ’ ਦਾ ਧਰਮ ਸੁਣਨਾ ਹੁੰਦਾ ਹੈ। (ਉਸ ਨੇ ਕਿਹਾ, ਪੰਨਾ-37)

ਚੇਤਨਤਾ ਦੀ ਗਵਾਹੀ ਇਸ ਗੱਲੋਂ ਵੀ ਮਿਲਦੀ ਹੈ ਕਿ ਉਸਦੀ ਕਵਿਤਾ ਕਿਤੇ ਵੀ ਹਾਰਦੀ ਨਹੀਂ, ਥੱਕਦੀ ਨਹੀਂ ਹਮੇਸ਼ਾਂ ਅੱਗੇ ਵਧਣ ਦੀ ਗੱਲ ਕਰਦੀ ਹੈ:

ਆਖ਼ਰ-
ਤਰਕਸ਼ ਉਤੇ ਚੜ੍ਹਦੇ ਨੇ ਤਰਕ ਦੇ ਤੀਰ
ਜਾਣ ਵਰਤਮਾਨ ਅਤੀਤ ਨੂੰ ਚੀਰ
ਲਹੂ ਵਿਚ ਆਉਂਦਾ ਹੈ ਉਬਾਲ
ਜਿਵੇਂ ਧਰਤ ਅੰਦਰ ਭੁਚਾਲ
ਤੇ ਫਿਰ
ਸਾਵੇ ਹੁੰਦੇ ਇਸਦੇ ਨੇ ਖੱਪੇ

ਚੜ੍ਹਦੇ-ਲਹਿੰਦੇ, ਸੱਜੇ-ਖੱਬੇ। (ਮੇਰੀ ਜਾਤ, ਪੰਨਾ-25-26)


ਵਣ ਵਿਚ ਭਾਵੇਂ ਰੁੱਖ ਹੈ ‘ਕੱਲਾ
ਓ ਹਾਕਮਾ

ਲੈ ਲਉ ਇਕ ਦਿਨ ਉਹ ਨਿਆਂ। (ਵਣ ਵਿਚ ‘ਕੱਲਾ ਰੁੱਖ, ਪੰਨਾ-43)

ਅਜੇ ਤਾਂ ਮੇਰੀਆਂ ਕਵਿਤਾਵਾਂ ਨੇ-
ਬਣਨਾ ਹੈ ਇਨਸਾਫ਼ ਦਾ ਤਰਾਜ਼ੂ
ਰਾਮ ਰਾਜ ਵਿਚ ਨਹੱਕ ਮਾਰੇ ਵੀਰਾਂ
ਫ਼ਾਂਸੀ ‘ਤੇ ਲਟਕ ਗਈ ਚੇਤਨਾ
ਭਵਿੱਖ ਦੇ ਅਣਜੰਮੇ ਵਾਰਿਸ ਵਾਸਤੇ
ਤੇ ਸੂਰਜ ਬਣ ਲੜਨਾ ਹੈ ਨ੍ਹੇਰਿਆਂ ਦੇ ਨਾਲ
ਵਫ਼ਾ ਪਾਲਣੀ ਹੈ ਸੱਜਰੇ ਸਵੇਰਿਆਂ ਦੇ ਨਾਲ।

(ਅਜੇ ਤਾਂ ਮੇਰੀਆਂ ਕਵਿਤਾਵਾਂ..., ਪੰਨਾ-73)

ਖੁੱਲ੍ਹੀ ਕਵਿਤਾ ਦੇ ਨਾਲ ਨਾਲ ਬਲਬੀਰ ਮਾਧੋਪੁਰੀ ਨੇ ਬੋਲੀਆਂ, ਗੀਤ ਅਤੇ ਗ਼ਜ਼ਲ ਰੂਪਾਕਾਰ ਵਿਚ ਵੀ ਆਪਣੇ ਭਾਵਾਂ ਅਤੇ ਚੇਤਨਾ ਨੂੰ ਪ੍ਰਗਟਾਉਣ ਦਾ ਸੁਹਿਰਦ ਯਤਨ ਕੀਤਾ ਹੈ। ਇਸ ਯਤਨ ਵਿਚ ਉਹ ਪੂਰੀ ਤਰ੍ਹਾਂ ਸਫਲ ਵੀ ਹੋਇਆ ਹੈ। ਮਾਧੋਪੁਰੀ ਦਾ ਪ੍ਰਗੀਤ ਕਾਵਿ ਸੰਤ ਰਾਮ ਉਦਾਸੀ ਤੋਂ ਸੇਧ ਲੈਂਦਾ ਨਜ਼ਰ ਆਉਂਦਾ ਹੈ ਪਰ ਇਸ ਕਾਵਿ ਰੂਪ ਦਾ ਮੁਹਾਂਦਰਾ ਵੀ ਦਲਿਤ ਚੇਤਨਾ ਹੀ ਘੜਦੀ ਹੈ। ਪਿਆਰ ਅਨੁਭਵ ਅਤੇ ਰੋਮਾਂਸਵਾਦੀ-ਪ੍ਰਗਤੀਵਾਦੀ ਦ੍ਰਿਸ਼ਟੀ ਦੀ ਪੇਸ਼ਕਾਰੀ ਦੇ ਪੱਖ ਤੋਂ ਪੰਜਾਬੀ ਵਿਚ ਬਹੁਤ ਕਵਿਤਾ ਰਚੀ ਗਈ ਹੈ ਪਰ ਦਲਿਤ ਦ੍ਰਿਸ਼ਟੀ ਤੋਂ ਪ੍ਰਗੀਤ ਦਾ ਸਹਾਰਾ ਲੈ ਕੇ ਦਲਿਤ ਚੇਤਨਾ ਦਾ ਸੰਚਾਰ ਕਰਨਾ ਪੰਜਾਬੀ ਕਵਿਤਾ ਦੇ ਵਿਕੋਲਿਤਰੇ ਕਵੀਆਂ ਦੇ ਹਿੱਸੇ ਹੀ ਆਇਆ ਹੈ, ਇਸ ਪਾਸੇ ਮਾਧੋਪੁਰੀ ਦੀ ਕਵਿਤਾ ਦਾ ਝੁਕਾਅ ਸਾਫ ਦੇਖਿਆ ਜਾ ਸਕਦਾ ਹੈ :

ਛਾਂਗ ਛਾਂਗ ਤੁਸੀਂ ਰੁੱਖਾਂ ਨੂੰ ਬੌਨੇ ਕਰਦੇ

ਫੁੱਟ ਪੈਂਦੇ ਨੇ ਉਹ ਫਿਰ ਵੀ ਛਾਵਾਂ ਖ਼ਾਤਰ। (ਪੰਨਾ-95)

ਭਰਨ ਦੇਵੋ ਹੁਣ ਜ਼ਰਾ ਘੁੱਗੀ ਕਬੂਤਰ ਨੂੰ ਪਰਵਾਜ਼

ਬਾਜ਼ ਦੇ ਬੈਠਣ ਲਈ ਹੱਥ ਦਿਉ ਸਮਿਆਂ ਦੀ ਆਵਾਜ਼। (ਪੰਨਾ-96)

ਮਾਧੋਪੁਰੀ ਦੀ ਕਵਿਤਾ ਵਿਚਲੀ ਦਲਿਤ ਚੇਤਨਾ ਦੀ ਲਾਟ, ਲੋਟੂ ਪ੍ਰਬੰਧ ਅਤੇ ਮਨੁੱਖਤਾ ਦੇ ਘਾਣ ਦੇ ਵਾਹਕ ਝੂਠੇ ਧਰਮ-ਪ੍ਰਬੰਧ ਆਦਿ ਉੱਪਰ ਤਨਜ਼ ਕੱਸਣ ਤੋਂ ਵੀ ਬਿਲਕੁਲ ਨਹੀਂ ਝਿਜਕਦੀ। ਤਨਜ਼ ਦਾ ਇਹ ਰਉ ਮਾਧੋਪੁਰੀ ਦੁਆਰਾ ਲਿਖੇ ਦੋਹਿਆਂ ਅਤੇ ਗ਼ਜ਼ਲਾਂ ਵਿਚ ਪ੍ਰਤੱਖ ਨਜ਼ਰ ਆਉਂਦਾ ਹੈ:

ਪੂਜਾ ਵਧੀ ਨਿਰਜੀਵ ਦੀ ਸਸਤੀ ਮਾਨਸ ਦੇਹ।

‘ਬੁੱਧੀਜੀਵੀ’ ਪ੍ਰੇਰਦੇ ਪ੍ਰਾਣੀ ਲਾਹਾ ਲੇ । (ਦੋਹੇ, ਪੰਨਾ-78)





ਬਲਬੀਰ ਮਾਧੋਪੁਰੀ ਦੀ ਸੰਪੂਰਨ ਕਵਿਤਾ ਦਾ ਤਾਣਾ ਦਲਿਤ ਚਿੰਤਨ ਅਤੇ ਚੇਤਨਾ ਨਾਲ ਬੁਣਿਆ ਹੋਇਆ ਹੈ। ਦਲਿਤ ਚੇਤਨਾ ਦੇ ਇਸ ਤਾਣੇ ਉੱਪਰ ਉਸਦੀ ਕਵਿਤਾ ਦੇ ਅਲੱਗ ਅਲੱਗ ਪੈਟਰਨ ਖ਼ੂਬਸੂਰਤ ਭਾਵਾਂ ਅਤੇ ਰੰਗਾਂ ਨਾਲ ਲਬਰੇਜ ਹੋ ਕੇ ਆਪਣਾ ਰੂਪ ਦਿਖਾਉਂਦੇ ਹਨ। ਇਸ ਕਵਿਤਾ ਵਿਚ ਪੇਸ਼ ਹੋਏ ਹੱਕ, ਫ਼ਰਜ, ਅਨੁਭਵ, ਰਿਸ਼ਤੇ, ਲੋੜਾਂ, ਥੁੜ੍ਹਾਂ, ਉਮੀਦਾਂ, ਯਤਨ ਅਤੇ ਚੇਤਨਾ ਸਮੁੱਚੇ ਰੂਪ ਵਿਚ ਕਵਿਤਾ ਦਾ ਜੋ ਮੁਹਾਂਦਰਾ ਬਣਾਉਂਦੇ ਹਨ ਉਸ ਵਿੱਚੋਂ ਦਲਿਤਾਂ ਦੇ ਜੀਵਨ-ਦ੍ਰਿਸ਼ ਅਤੇ ਬੇਬਸੀਆਂ ਦਾ ਬਿੰਬ ਸਪਸ਼ਟ ਉੱਭਰਦਾ ਹੈ।ਦੇਖਣਯੋਗ ਗੱਲ ਇਹ ਹੈ ਕਿ ਬਲਬੀਰ ਮਾਧੋਪੁਰੀ ਦੀ ਕਵਿਤਾ ਵਿਚਲੀ ਦਲਿਤ ਚੇਤਨਾ, ਦਲਿਤ ਵਰਗ ਦੇ ਦਰਦਮਈ ਜੀਵਨ ਵਿੱਚੋਂ ਵੀ ਸੰਘਰਸ਼ ਅਤੇ ਉਮੀਦ ਦੀਆਂ ਚਿੰਗਾਰੀਆਂ ਨੂੰ ਮਘਾਉਂਦੀ ਹੈ ਅਤੇ ਅਖੌਤੀ ਉੱਚ ਵਰਗ ਦੁਆਰਾ ਸ਼ੋਸਿਤ ਦਲਿਤ ਵਰਗ ਦੇ ਢਹਿ ਢੇਰੀ ਹੋਏ ਸੁਪਨਿਆਂ ਅਤੇ ਲੋੜਾਂ ਨੂੰ ਰਦਾ ਦਰ ਰਦਾ ਚਿਨਣ ਅਤੇ ਲਿਸ਼ਕਾਉਣ ਦੇ ਆਹਰ ਵਿਚ ਲੱਗੀ ਜਾਪਦੀ ਹੈ।ਪਰ ਇਸ ਸਭ ਦੇ ਬਾਵਜੂਦ, ਦਲਿਤਾਂ ਅੰਦਰ ਹੀ ਵਿਆਪਤ ਜਾਤੀਵਾਦ ਦੀ ਮਰਜ਼ ਜਿਸ ਅਧੀਨ ਇਕ ਦਲਿਤ ਦੂਸਰੇ ਦਲਿਤ ਨਾਲ ਰੋਟੀ-ਬੇਟੀ ਦੀ ਸਾਂਝ ਇਸ ਲਈ ਨਹੀਂ ਪਾਉਂਦਾ ਕਿਉਂਕਿ ਦੋਵਾਂ ਦੀਆਂ ਜਾਤਾਂ ਵੱਖ ਵੱਖ ਹਨ (ਸਨਾਤਨ ਹਿੰਦੂ ਧਰਮ ਦੇ ਜਾਤ-ਪਾਤ ਤੇ ਛੂਤ-ਛਾਤ ਦੇ ਕਰੂਪ ਮਾਡਲ ਅਨੁਸਾਰ ਭਾਵੇਂ ਇਹ ਦੋਵੇਂ ਹੀ ਜਾਤਾਂ ਨੀਵੀਆਂ ਹੋਣ), ਉੱਚ ਜਾਤੀਆਂ ਦੀਆਂ ਅੱਖਾਂ ਵਿਚ ਰੜਕਦਾ ਰਾਖਵਾਂਕਰਨ, ਦਲਿਤਾਂ ਦੀ ਰਾਜਨੀਤਿਕ ਚੇਤਨਾ ਅਤੇ ਅੰਬੇਡਕਰਵਾਦ ਦੇ ਉਭਾਰ ਦਾ ਰੁਝਾਨ ਆਦਿ ਸਮਕਾਲੀ ਭਖਦੇ ਮਸਲਿਆਂ ਤੇ ਸਵੈ-ਪੜਚੋਲ ਪ੍ਰਤੀ ਮਾਧੋਪੁਰੀ ਦੀ ਕਵਿਤਾ ਲਗਭਗ ਖਾਮੋਸ਼ ਹੈ। ਬਿਨਾਂ ਸ਼ੱਕ ਦਲਿਤ ਚੇਤਨਾ ਦੀ ਮਸ਼ਾਲ ਦੀ ਅਗਨੀ ਪ੍ਰਚੰਡ ਕਰਨ ਲਈ ਉਸਦੀ ਕਵਿਤਾ ਨੂੰ ਇਹ ਖਾਮੋਸ਼ੀ ਤੋੜਣੀ ਪਵੇਗੀ। ਉਂਝ ਉਸਦੀ ਕਵਿਤਾ ਵਿਚ ਦਲਿਤ ਚੇਤਨਾ ਹੋਣ ਦਾ ਚਿੰਨ੍ਹ ਉਸ ਨੇ ‘ਮੇਰੀ ਚੋਣਵੀਂ ਕਵਿਤਾ’ ਦੇ ਆਰੰਭ ਵਿਚ ਹੀ ਦੇ ਦਿੱਤਾ ਹੈ, ਉਸ ਦੁਆਰਾ ਆਪਣੀ ਕਵਿਤਾ ਆਰੰਭ ਕਰਨ ਤੋਂ ਪਹਿਲਾਂ ਭਗਤ ਰਵਿਦਾਸ ਜੀ ਦੁਆਰਾ ਰਚਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ਼ਬਦ ‘ਬੇਗਮ ਪੁਰਾ ਸਹਰ ਕੋ ਨਾਉ’ ਦਰਜ ਕੀਤਾ ਹੈ। ਭਗਤ ਰਵਿਦਾਸ ਜੀ ਰਚਿਤ ਸਤਰਾਂ:

ਕਹਿ ਰਵਿਦਾਸ ਖਲਾਸ ਚਮਾਰਾ॥

ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਆਦਿ ਗ੍ਰੰਥ, ਪੰਨਾ-345)

ਆਪਣੇ ਆਪ ਵਿਚ ਦਲਿਤ ਚੇਤਨਾ ਦੀ ਅਮਰ ਜਿਓਤੀ ਹਨ। ਪੰਜਾਬੀ ਦਲਿਤ ਕਵਿਤਾ ਉਪਰੋਕਤ ਸ਼ਬਦ ਤੋਂ ਹਮੇਸ਼ਾ ਮਾਰਗਦਰਸ਼ਨ ਅਤੇ ਅੱਗੇ ਚਾਨਣ ਵੰਡਣ ਲਈ ਚਿੰਗਾਰੀਆਂ ਲੈਂਦੀ ਰਹੇਗੀ। ਬਲਬੀਰ ਮਾਧੋਪੁਰੀ ਦੀ ਚੋਣਵੀਂ ਕਵਿਤਾ ਵਿਚ ਉਪਰੋਕਤ ਅਮਰ ਜਿਓਤੀ ਦਾ ਚਾਨਣ ਸਪਸ਼ਟ ਨਜ਼ਰ ਆਉਂਦਾ ਹੈ, ਇਸ ਚਾਨਣ ਨੂੰ ਸਮਕਾਲੀਨ ਭਾਸ਼ਕ ਮੁਹਾਵਰੇ ਵਿਚ ਦਲਿਤ ਚੇਤਨਾ ਕਹਿਣਾ ਬਿਲਕੁਲ ਸਾਰਥਕ ਅਤੇ ਉਚਿਤ ਹੋਵੇਗਾ।


ਹਵਾਲੇ:

Romila Thapar, Early India, page-63
Surinder S. Jodhka, Caste in Contemporary India, page-2
Robert Deliege, The Untouchables of India, page-11
Gail Omvedt, Seeking Begumpura, page-98
B. R. Amdedkar, Annihilation of Caste (Critical quest, New Delhi), page-19
ਰਤਨ ਸਿੰਘ ਜੱਗੀ, ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਨਾ- 482-483.ਰਮਣਿਕਾ ਗੁਪਤਾ (ਸੰਪਾ.), ਦਲਿਤ ਚੇਤਨਾ ਸਾਹਿਤਯ, ਪੰਨਾ-84
ਉਹੀ, ਪੰਨਾ-32

ਡਾ. ਸਰਬਜੀਤ ਸਿੰਘ (ਸੰਪਾ.), ਦਲਿਤ-ਦ੍ਰਿਸ਼ਟੀ, ਪੰਨਾ-84
ਡਾ. ਰੌਣਕੀ ਰਾਮ, ਦਲਿਤ ਚੇਤਨਾ : ਸਰੋਤ ਤੇ ਸਰੂਪ, ਪੰਨਾ-33

Exclusive Interview with
Balbir Madhopuri

What Client's Say?